ਦੀਵਾ
| |||||||
ਦੀਵੇ ਦੇ ਕਈ ਰੂਪ |
ਦੀਵਾ, ਚਰਾਗ ਜਾਂ ਦੀਪਕ ਮਿੱਟੀ, ਆਟੇ ਜਾਣ ਕਿਸੇ ਹੋਰ ਧਾਤ ਸਮਗਰੀ ਦਾ ਬਣਿਆ ਇੱਕ ਤਰ੍ਹਾਂ ਕੈਲੀਨੁਮਾ ਭਾਂਡਾ ਹੁੰਦਾ ਹੈ ਜਿਸ ਵਿੱਚ ਸੂਤ ਦੀ ਵੱਟੀ ਅਤੇ ਤੇਲ ਜਾਂ ਘੀ ਪਾ ਕੇ ਜੋਤ ਜਲਾਈ ਜਾਂਦੀ ਹੈ। ਪ੍ਰਾਚੀਨ ਜ਼ਮਾਨੇ ਵਿੱਚ ਇਸ ਦਾ ਪ੍ਰਯੋਗ ਮੁੱਖ ਤੌਰ 'ਤੇ ਪ੍ਰਕਾਸ਼ ਲਈ ਕੀਤਾ ਜਾਂਦਾ ਸੀ ਪਰ ਬਿਜਲੀ ਦੇ ਲਾਟੂ ਆ ਜਾਣ ਦੇ ਬਾਅਦ ਇਹ ਸਜਾਵਟ ਜਾਂ ਪੂਜਾ ਦੀ ਚੀਜ਼ ਵਜੋਂ ਵਧੇਰੇ ਪ੍ਰਯੋਗ ਹੁੰਦਾ ਹੈ। ਹਨੇਰੇ ਵਿੱਚ ਰੋਸ਼ਨੀ ਦਾ ਸਰੋਤ ਹੋਣ ਨਾਤੇ ਮਨੁੱਖੀ ਸੱਭਿਆਚਾਰ ਵਿੱਚ ਇਸ ਦੀ ਅਹਿਮੀਅਤ ਨੂੰ ਘਟਾ ਕੇ ਨਹੀਂ ਦੇਖਿਆ ਜਾ ਸਕਦਾ। ਭਾਰਤੀ ਉਪਮਹਾਦੀਪ ਅਤੇ ਏਸ਼ੀਆ ਦੇ ਹੋਰਨਾਂ ਦੇਸ਼ਾਂ ਦੀ ਕਵਿਤਾ ਵਿੱਚ ਸ਼ਾਇਦ ਇਹ ਸਭ ਤੋਂ ਵਧੇਰੇ ਵਰਤੀਂਦਾ ਚਿਹਨ ਹੈ। ਆਰਤੀ ਵਿੱਚ ਦੀਵਿਆਂ ਦੀ ਅਹਿਮੀਅਤ ਤੋਂ ਇਹ ਗੱਲ ਭਲੀਭਾਂਤ ਸਪਸ਼ਟ ਹੈ।
ਚਾਨਣ ਦਾ ਪ੍ਰਤੀਕ : ਦੀਵਾ
ਦੀਵਾ ਪੰਜਾਬੀ ਸੱਭਿਆਚਾਰ ਦਾ ਅਹਿਮ ਅੰਗ ਹੈ। ਪੰਜਾਬੀ ਸਮਾਜ ਦੀਆਂ ਬਹੁਤ ਸਾਰੀਆਂ ਰਸਮਾਂ ਵਿਚ ਦੀਵੇ ਦਾ ਹੋਣਾ ਲਾਜ਼ਮੀ ਹੈ। ਦੀਵਾ, ਜੋਤ,ਚਿਰਾਗ, ਦੀਪ ਇਹ ਸਾਰੇ ਸ਼ਬਦ ਸਮਾਨਾਰਥੀ ਹਨ। [1]ਦੀਵਾ ਪੰਜਾਬੀ ਭਾਸ਼ਾ, ਜੋਤ ਸੰਸਕਿ੍ਤੀ,ਦੀਪ ਹਿੰਦੀ ਅਤੇ ਚਿਰਾਗ ਫਾਰਸੀ ਭਾਸ਼ਾ ਦੇ ਸ਼ਬਦ ਹਨ। ਜਗਦਾ ਦੀਵਾ ਜੀਵਨ ਰੂਪੀ ਜੋਤ ਹੈ ਅਤੇ ਬੁਝਿਆ ਦੀਵਾ ਅਜੀਵਨ ਦਾ ਪ੍ਰਤੀਕ ਹੈ। ਇਸ ਲਈ ਜਗਦਾ ਦੀਵਾ ਬੁੜ ਅਤੇ ਦੀਵੇ ਦਾ ਬੁੱਛਣਾ ਅਸਤ ਮੰਨਿਆ ਗਿਆ ਹੈ। ਦੀਵਾ ਮਿੱਟੀ, ਆਏ ਅਤੇ ਧਾਤ ਦਾ ਬਣਿਆ ਹੁੰਦਾ ਹੈ। ਈਸਾਈ ਧਰਮ ਵਿਚ ਦੀਵੇ ਦੀ ਥਾਂ ਮੋਮਬਤੀ ਅਤੇ ਲੈਂਪ ਦੀ ਵਰਤੋਂ ਕੀਤੀ ਜਾਂਦੀ ਹੈ। ਲੈਂਪ ਦੀਵੇ ਦਾ ਹੀ ਪਰਵਰਤਿਤ ਰੂਪ ਹੈ। ਇਸ ਲੈਂਪ ਨੂੰ ਜਗਾਉਣ ਲਈ ਨਾਰੀਅਲ ਦੇ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਦੀਵੇ ਲਈ ਤੇਲ ਅਤੇ ਘਿਉ ਦੀ। ਘਿਉ ਪੰਜ ਅੰਮ੍ਰਿਤਾਂ (ਪਵਿੱਤਰ ਵਸਤੂਆਂ) ਵਿਚ ਸ਼ਾਮਲ ਕੀਤਾ ਜਾਂਦਾ ਹੈ। ਇਹ ਪੰਜ - ਅੰਮ੍ਰਿਤ ਦੁੱਧ, ਦਹੀਂ, ਘਿਉ, ਖੰਡ, ਗੁੜ ਜਾਂ ਮਿਸ਼ਰੀ ਹਨ। ਮਿਥ ਕਥਾ ਅਨੁਸਾਰ ਜਦੋਂ ਦੇਵਤਿਆਂ ਅਤੇ ਦੈਤਾਂ ਨੇ ਰਲ ਕੇ ਸਮੁੰਦਰ ਮੰਥਨ ਕੀਤਾ ਤਾਂ ਉਸ ਸਮੇਂ ਉਸ ਵਿੱਚੋਂ ਚੌਦਾਂ ਰਤਨ ਪ੍ਰਾਪਤ ਹੋਏ, ਜਿੰਨ੍ਹਾਂ ਵਿੱਚੋਂ ਘਿਓ ਵੀ ਇਕ ਰਤਨ ਸੀ। ਲੋਕ ਧਾਰਨਾ ਹੈ ਕਿ ਘਿਉ ਅਤੇ ਰੇਸ਼ਮ ਨੂੰ ਕੋਈ ਭਿੱਟੜ ਨਹੀਂ ਕਹਿੰਦਾ :
ਘਿਅ ਪਟ ਭਾਂਡਾ ਕਹੈ ਨ ਕੋਇ ॥ (ਸ੍ਰੀ ਗੁਰੂ ਗ੍ਰੰਥ ਸਾਹਿਬ,ਪੰਨਾ ੭੨੧)
721 ਹਿੰਦੂ ਧਰਮ ਵਿਚ ਗਊ ਦੀ ਪੂਜਾ ਕੀਤੀ ਜਾਂਦੀ ਰਹੀ ਹੈ। ਭਾਰਤ ਖੇਤੀ ਪ੍ਰਧਾਨ ਦੇਸ਼ ਹੈ ਅਤੇ ਖੇਤੀਬਾੜੀ ਦਾ ਧੰਦਾ ਕਰਨ ਵਾਲੇ ਘਰਾਂ ਵਿੱਚ ਲਵੇਗਾ ਆਮ ਹੁੰਦਾ ਹੈ। ਛਾਂ ਦੇ ਦੁੱਧ ਤੋਂ ਹੀ ਘਿਉਂ ਬਣਦਾ ਹੈ। ਇਸ ਲਈ ਘਰਾਂ ਵਿਚ ਘਿਉ ਆਮ ਤੌਰ 'ਤੇ ਮਿਲ ਹੀ ਜਾਂਦਾ ਹੈ। ਲੋਕ ਮੁਹਾਵਰਾ ਹੈ ਕਿ
ਘਿਓ ਜੱਟੀ ਦਾ ,ਤੇਲ ਹੱਟੀ ਦਾ| (ਲੋਕ ਅਖਾਣ)
ਹਿੰਦੂ ਧਰਮ ਵਿਚ ਇਸ਼ਟ/ਦੇਵਤੇ ਅੱਗੇ ਜੋਤ ਜਗਾਈ ਜਾਂਦੀ ਹੈ ਅਤੇ ਇਸ ਜੋਤ ਵਿਚ ਘਿਉ ਦੀ ਵਰਤੋਂ ਕੀਤੀ ਜਾਂਦੀ ਹੈ, ਕਿਉਂਕਿ ਘਿਉ ਨੂੰ ਸਭ ਤੋਂ ਵੱਧ ਪਵਿੱਤਰ ਮੰਨਿਆ ਗਿਆ ਹੈ। ਸਿੱਖ ਧਰਮ ਭਾਰਤੀ ਧਰਮਾਂ ਵਿੱਚ ਵਿਕਸਿਤ ਹੋਇਆ ਧਰਮ ਹੈ, ਇਸ ਲਈ ਸਿੱਖਾਂ ਵਿਚ ਵੀ ਘਿਉ ਨੂੰ ਸਭ ਤੋਂ ਵੱਧ ਪਵਿੱਤਰ ਮੰਨਿਆ ਜਾਂਦਾ ਹੈ। ਕੜਾਹ ਪ੍ਰਸਾਦਿ ਵਿਚ ਤੀਜਾ ਹਿੱਸਾ ਘਿਉ ਦਾ ਹੁੰਦਾ ਹੈ
ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ ਲੂਣੁ ਪੰਜਵਾ ਪਾਇਆ ਘਿਰਤੁ ॥ ਤਾ ਹੋਆ ਪਾਕ ਪਵਿਤੁ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 473) ਗੁਰਦੁਆਰਿਆਂ ਵਿਚ ਜਗਾਈ ਜਾਂਦੀ ਜੋਤ ਵਿਚ ਘਿਉ ਵਰਤਿਆ ਜਾਂਦਾ ਹੈ। ਸ਼ੁਭ ਮੌਕਿਆਂ ਜਾਂ ਮਨੋ ਕਾਮਨਾਵਾਂ ਦੀ ਪੂਰਤੀ ਲਈ ਕੀਤੇ ਜਾਂਦੇ ਹਵਨ ਵਿਚ ਹੋਰ ਸਾਮੱਗਰੀ ਦੇ ਨਾਲ ਨਾਲ ਘਿਉ ਵੀ ਪਾਇਆ ਜਾਂਦਾ ਹੈ।
ਤਿਤੁ ਘਿਇ ਹੋਮ ਜਗ ਸਦ ਪੂਜਾ ਪਇਐ ਕਾਰਜੁ
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 150)
ਔੜਾਂ ਦੇ ਦਿਨਾਂ ਵਿਚ ਇੰਦਰ ਦੇਵਤਾ ਨੂੰ ਖ਼ੁਸ਼ ਕਰਨ ਲਈ ਜੋ ਹਵਨ ਕੀਤੇ ਜਾਂਦੇ ਹਨ, ਉਹਨਾਂ ਵਿਚ ਵਧੇਰ ਘਿਉ ਦੀ ਵਰਤੋਂ ਕੀਤੀ ਜਾਂਦੀ ਹੈ, ਕਿਉਂਕਿ ਇਹ ਵਿਸ਼ਵਾਸ ਹੈ ਕਿ ਘਿਉ ਦੇ ਅਣਬਲੇ ਕਣ ਹਵਾ ਵਿਚ ਰਲ ਕੇ ਮੀਂਹ ਲਿਆਉਣ ਦਾ ਕਾਰਨ ਬਣਦੇ ਹਨ। ਲੋਕ ਜਾਦੂ ਚਿੰਤਨ ਅਨੁਸਾਰ ਘਿਉ ਦੇ ਬਲਣ ਨਾਲ ਚੰਦਰੀਆਂ ਰੂਹਾਂ ਨੱਸ ਜਾਂਦੀਆਂ ਹਨ ਤੇ ਦੇਵਤੇ ਪ੍ਰਸੰਨ ਹੁੰਦੇ ਹਨ। ਇਸ ਨਾਲ ਵਾਤਾਵਰਣ ਵੀ ਸਾਫ਼ ਤੇ ਪਵਿੱਤਰ ਹੁੰਦਾ ਹੈ।[2] ਇਸੇ ਲਈ ਖੁਸ਼ੀ ਦੇ ਮੌਕਿਆਂ 'ਤੇ ਘਿਉ ਦੇ ਦੀਵੇ ਬਾਲੇ ਜਾਂਦੇ ਹਨ। ਵਿਅਕਤੀ ਦੇ ਅੰਤਿਮ ਸੰਸਕਾਰ ਦੀ ਰਸਮ ਸਮੇਂ ਅਗਨ ਭੇਂਟ ਕਰਨ ਤੋਂ ਪਹਿਲਾਂ ਮੂੰਹ ਵਿਚ ਘਿਉ ਪਾਇਆ ਜਾਂਦਾ ਹੈ। ਕਈ ਲੋਕ ਆਪਣੇ ਸ਼ਰੀਕ ਨੂੰ ਇਹ ਮਿਹਣਾ ਦੇਂਦੇ ਹਨ ਕਿ ਉਹ ਉਸ ਦੇ ਮਰਨ 'ਤੇ ਘਿਉ ਦੇ ਦੀਵੇ ਬਾਲਣਗੇ। ਰਾਮਾਇਣ ਦੀ ਕਥਾ ਅਨੁਸਾਰ ਮਰਯਾਦਾ ਪਰਸ਼ੋਤਮ ਰਾਮ ਚੰਦਰ ਜੀ ਜਦੋਂ ਚੌਦਾਂ ਸਾਲਾਂ ਦੇ ਬਨਵਾਸ ਬਾਅਦ ਅਯੁਧਿਆ ਵਾਪਸ ਆਏ ਤਾਂ ਲੋਕਾਂ ਨੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਘਿਉ ਦੇ ਦੀਵੇ ਬਾਲ ਕੇ ਕੀਤਾ। ਸਿੱਖ ਇਤਿਹਾਸ ਵਿਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਿਆਂ ਸਮੇਤ ਰਿਹਾਅ ਹੋ ਕੇ ਆਏ ਤਾ ਲੋਕਾਂ ਨੇ ਖੁਸ਼ੀ ਵਿਚ ਘਿਉ ਦੇ ਦੀਵੇ ਬਾਲੇ। ਜਗਰਾਤੇ ਸਮੇਂ ਮਾਤਾ ਦੀ ਜੋਤ ਘਿਉ ਦੀ ਜੋਤ ਨਾਲ ਜਗਾਈ ਜਾਂਦੀ ਹੈ। ਇਹ ਜੋਤ ਵੀ ਇਕ ਖ਼ਾਸ ਵਿਧੀ ਨਾਲ ਪ੍ਰਗਟ ਕੀਤੀ ਜਾਂਦੀ ਹੈ, ਜੋ ਇਸ ਪ੍ਰਕਾਰ ਨਾਲ ਪ੍ਰਚੰਡ ਕੀਤੀ ਜਾਂਦੀ ਹੈ। ਪਹਿਲਾ ਮੌਲੀ ਚੰਗੀ ਤਰ੍ਹਾਂ ਘਿਉ ਵਿਚ ਭਿਉਂ ਕੇ ਇਸ ਨੂੰ ਅੱਗ ਨਾਲ ਬਾਲਿਆ ਜਾਂਦਾ ਹੈ। ਆਟੇ ਦਾ ਦੀਵਾ ਬਣਾ ਕੇ ਇਸ ਵਿਚ ਘਿਉ ਅਤੇ ਵੱਟੀ ਰੱਖ ਦਿੱਤੀ ਜਾਂਦੀ ਹੈ। ਵੱਟੀ ਦੇ ਉਪਰ ਬਲਦੀ ਮੌਲੀ ਲਟਕਾਈ ਜਾਂਦੀ ਹੈ। ਮੌਲੀ ਵਿੱਚ ਘਿਉ ਦੇ ਬਲਦੇ ਛਿੱਟੇ ਜੋਤ ਦੀ ਵੱਟੀ ਉਪਰ ਡਿਗਦੇ ਹਨ ਅਤੇ ਇਸ ਤਰ੍ਹਾਂ ਬਲਦੇ ਘਿਉ ਨਾਲ ਇਹ ਜੋਤ ਜਗਾਈ ਜਾਂਦੀ ਹੈ। ਦੇਵੀ-ਦੇਵਤਿਆਂ ਨੂੰ ਸਵੇਰ ਦੇ ਸਮੇਂ ਇਸ਼ਨਾਨ ਕਰਾਉਣ ਸਮੇਂ ਦੁੱਧ, ਦਹੀਂ, ਘਿਉ, ਸ਼ਹਿਦ ਅਤੇ ਪਾਣੀ ਪੰਜ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀਹੈ। ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਮੰਦਰ ਚਿੰਤਪੁਰਨੀ ਵਿਖੇ ਰੋਜ਼ਾਨਾ ਇਹਨਾਂ ਪਦਾਰਥਾ ਨਾਲ ਪਿੰਡੀ ਇਸ਼ਨਾਨ ਕਰਨ ਤੋਂ ਬਾਅਦ ਮਾਤਾ ਦਾ ਸ਼ਿੰਗਾਰ ਕੀਤਾ ਜਾਂਦਾ ਹੈ।
ਸਰੋਂ ਦੇ ਤੇਲ ਦਾ ਦੀਵਾ ਬਾਲਣ ਦੀ ਪ੍ਰਥਾ ਕਦੋਂ ਸ਼ੁਰੂ ਹੋਈ। ਇਸ ਬਾਰੇ ਦੱਸਣਾ ਮੁਸ਼ਕਿਲ ਹੈ। ਇਸ ਸੰਬੰਧੀ ਮਿਲਦੀਆਂ ਮਿੱਥ ਕਥਾਵਾਂ ਇਸ ਗੱਲ ਦੀ ਪੌੜਤਾ ਕਰਦੀਆਂ ਹਨ ਕਿ ਤੇਲ ਦਾ ਦੀਵਾ ਬਾਲਣ ਦੀ ਪ੍ਰਥਾ ਮਨੁੱਖੀ ਇਤਿਹਾਸ ਜਿੰਨੀ ਹੀ ਪੁਰਾਣੀ ਹੈ। ਤੇਲ ਦੇ ਦੀਵੇ ਬਾਲਣ ਸੰਬੰਧੀ ਇਕ ਮਿੱਥ-ਕਥਾ ਹੈ ਕਿ ਇਕ ਵਾਰ ਦੇਵਤੇ ਅਮਾਵਸ ਦੀ ਰਾਤ ਨੂੰ ਹਨੇਰੇ ਵਿਚ ਬੈਠੇ ਆਪੇ ਵਿਚ ਵਿਚਾਰ ਵਟਾਂਦਰਾ ਕਰ ਰਹੇ ਸਨ ਕਿ ਬਸੰਤ ਦੇਵੀ ਨੇ ਸਰੋਂ ਦੇ ਬੀਜਾਂ ਵਿੱਚੋਂ ਤੇਲ ਕੱਢ ਕੇ ਦੀਵਾ ਜਗਾਇਆ ਸੀ। ਉਸ ਸਮੇਂ ਦੇਵਤਿਆਂ ਨੇ ਵਰ ਦਿੱਤਾ ਕਿ ਜਿਥੇ ਸਰੋਂ ਦੇ ਤੇਲ ਦਾ ਦੀਵਾ ਬਲੇਗਾ, ਉਥੇ ਕੋਈ ਬਦਰੂਹ ਨਹੀਂ ਠਹਿਰੇਗੀ।
ਇਸ ਸੰਬੰਧੀ ਇਕ ਹੋਰ ਮਿੱਥ ਕਥਾ ਵੀ ਪ੍ਰਚਲਿਤ ਹੈ ਕਿ ਇਕ ਵਾਰੀ ਲਕਸ਼ਮੀ ਤੇ ਸ਼ਨੀ ਦੇਵ ਵਿਚਕਾਰ ਬਹਿਸ ਸ਼ੁਰੂ ਹੋ ਗਈ ਕਿ ਦੋਵਾਂ ਵਿੱਚ ਕੋਣ ਤਾਕਤਵਰ ਹੈ। ਦੋਵਾਂ ਨੇ ਆਪਣੀਆਂ ਸ਼ਕਤੀਆਂ ਦਿਖਾਉਣ ਲਈ ਇਕ ਗਰੀਬ ਵਿਅਕਤੀ ਨੂੰ ਚੁਣ ਲਿਆ। ਲਕਸ਼ਮੀ ਨੇ ਆਪਣੀ ਅਪਾਰ ਸ਼ਕਤੀ ਨਾਲ ਉਸ ਨੂੰ ਅਮੀਰ ਬਣਾ ਦਿੱਤਾ ਅਤੇ ਸੋਨੇ ਦੇ ਮਹਿਲਾਂ ਵਿਚ ਵਸਾ ਦਿੱਤਾ। ਸ਼ਨੀ ਦੇਵਤੇ ਨੇ ਆਪਣੀ ਨਿਗਾਹ ਉਸ ਉੱਤੇ ਪਾ ਕੇ ਉਸਦੇ ਮਹਿਲ ਨੂੰ ਲੋਹੇ ਦੇ ਮਹਿਲ ਵਿਚ ਬਦਲ ਦਿੱਤਾ ਅਤੇ ਉਸਦਾ ਜੀਵਨ ਪਹਿਲਾਂ ਨਾਲੋਂ ਵੀ ਬਦਤਰ ਬਣਾ ਦਿੱਤਾ। ਇਸ ਤਰ੍ਹਾਂ ਲਕਸ਼ਮੀ ਦੇਵੀ, ਸ਼ਨੀ ਦੇਵਤੇ ਦੇ ਸਾਹਮਣੇ ਝੁੰਝਲਾ ਗਈ ਅਤੇ ਉਸਨੇ ਆਪਣੀ ਹਾਰ ਸਵੀਕਾਰ ਕਰ ਲਈ। ਇਸ ਘਟਨਾ ਤੋਂ ਬਾਅਦ ਸ਼ਨੀ ਨੇ ਕਿਹਾ ਕਿ ਲਕਸ਼ਮੀ ਦੀ ਪੂਜਾ ਤਦ ਹੀ ਸੰਪੂਰਨ ਹੋਵੇਗੀ, ਜੇਕਰ ਉਸ ਸਮੇਂ ਸਰ੍ਹੋਂ ਦੇ ਤੇਲ ਦਾ ਦੀਵਾ ਬਾਲਿਆ ਜਾਵੇ। ਸਰ੍ਹੋਂ ਦਾ ਤੇਲ ਸ਼ਨੀ ਦੀ ਹਾਜ਼ਰੀ ਦਾ ਪ੍ਰਤੀਕ ਹੈ। ਦੀਵਾਲੀ ਦੀ ਰਾਤ ਨੂੰ ਲਕਸ਼ਮੀ ਦੀ ਪੂਜਾ ਕਰਨ ਸਮੇਂ ਲੋਕ ਸਰ੍ਹੋਂ ਦੇ ਤੇਲ ਦਾ ਦੀਵਾ ਜਗਾਉਂਦੇ ਹਨ। ਕਿਸੇ ਵੀ ਸ਼ੁਭ ਕਾਰਜ ਨੂੰ ਕਰਨ ਤੋਂ ਪਹਿਲਾਂ ਤੇਲ ਚੋਣਾਂ ਜਾਂ ਤੇਲ ਦੀ ਵਰਤੋਂ ਇਸ ਗੱਲ ਦਾ ਪ੍ਰਤੀਕ ਹੈ ਕਿ ਸ਼ਨੀ ਦੇਵਤਾ ਜਾਂ ਬਦਰੂਹਾਂ ਕਿਸੇ ਵੀ ਸ਼ੁਭ ਕਾਰਜ ਵਿਚ ਵਿਘਨ ਨਾ ਪਾਉਣ। ਕੁਝ ਥਾਵਾਂ 'ਤੇ ਸੰਗਰਾਂਦ ਵਾਲੇ ਦਿਨ ਘਰ ਦੀਆਂ ਦਹਿਲੀਜ਼ਾਂ ਵਿਚ ਸਰ੍ਹੋਂ ਦਾ ਤੇਲ ਚੋਇਆ ਜਾਂਦਾ ਹੈ। ਪੀਰਾਂ-ਫ਼ਕੀਰਾਂ ਦੀਆਂ ਦਰਗਾਹਾਂ ਜਾਂ ਵਡੇਰਿਆਂ ਦੀਆਂ ਸਮਾਧਾਂ ਅਤੇ ਮੜ੍ਹੀਆਂ ਤੇ ਸਰ੍ਹੋਂ ਦੇ ਤੇਲ ਦਾ ਦੀਵਾ ਬਾਲਿਆ ਜਾਂਦਾ ਹੈ। ਇਸਲਾਮੀ ਸੱਭਿਆਚਾਰ ਵਿਚ ਮੁਰਦੇ ਨੂੰ ਕਬਰ ਵਿਚ ਦੱਬਿਆ ਜਾਂਦਾ ਹੈ। ਇਸ ਲਈ ਕਬਰ ਉੱਤੇ ਬਲਣ ਵਾਲੇ ਦੀਵੇ ਨੂੰ ਚਿਰਾਗ ਜਗਾਉਣਾ ਕਿਹਾ ਜਾਂਦਾ ਹੈ। ਲੋਕ ਧਾਰਨਾ ਹੈ ਕਿ ਚਿਰਾਗ ਜਗਾਉਣ ਨਾਲ ਵਿਅਕਤੀ ਦੀ ਮਨੋ-ਕਾਮਨਾ ਛੇਤੀ ਪੂਰੀ ਹੋ ਜਾਂਦੀ ਹੈ
ਤੁਸੀਂ ਆਸੋਂ ਵੇ ਕਿਹੜੇ ਕਿਹੜੇ ਰਾਹੀਂ ਦੀਵਾ ਬਾਲ ਧਰਾ ਰਾਤੀਂ ਖ਼ਾਨਗਾਹੀਂ ਮੌਲਾ ਸਾਡਾ ਹੁਣ ਡਾਢਾ ਫ਼ਜ਼ਲ ਕਰੇਸੀ ਮਾਵਾਂ ਦੇ ਸਭ ਬੱਚੜੇ ਰੱਬਾ ਪਰਦੇਸੀ | ਘਰ ਘਰ ਬਲਦੇ ਖ਼ੈਰੀਂ ਸੋਹਣੇ ਦੀਵੇ ਸ਼ਾਲਾ ਸਾਈਂ ਸਾਹਿਬਾਂ ਦਾ ਖ਼ੋਰੀ ਜੀਵੇ। ਮੁਰਸ਼ਦ ਵੇ ਲਾਮਾਂ ਦੀ ਸੁਲਾਹ ਕਰਾ ਫੌਜਾਂ ਘਰ ਮੁੜੀ ਆ ਜਹਾਜ਼ ਕਿਨਾਰੇ ਲਾ।
ਝੂਲੇ ਲਾਲ ਦੀ ਦਰਗਾਹ 'ਤੇ ਵੀ ਚਿਰਾਗ਼ ਜਗਾਏ ਜਾਂਦੇ ਹਨ, ਪਰ ਚਿਰਾਗ ਜਗਾਉਣ ਵੇਲੇ ਸਰ੍ਹੋਂ ਦੇ ਤੇਲ ਦੀ ਵਰਤੋਂ ਹੁੰਦੀ ਹੈ।
ਹਿੰਦੂ ਧਰਮ ਵਿਚ ਜਿਹਨਾਂ ਮੰਦਰਾਂ ਵਿਚ ਸਨਾਤਨੀ ਵਿਧੀ ਰਾਹੀਂ ਭਗਵਾਨ ਦੀ ਪੂਜਾ ਕੀਤੀ ਜਾਂਦੀ ਹੈ, ਉਥੇ ਸਰ੍ਹੋਂ ਦੇ ਤੇਲ ਦਾ ਦੀਵਾ ਹੀ ਜਗਦਾ ਹੈ। ਸ਼ਿਵਾਲਾ ਮੰਦਰਾਂ ਵਿਚ ਆਮ ਲੋਕ ਭਾਵੇਂ ਘਿਉ ਦੀ ਜੋਤ ਜਗਾਉਂਦੇ ਹਨ, ਪਰ ਸਨਾਤਨੀ ਵਿਧੀ ਅਨੁਸਾਰ ਸ਼ਿਵ ਅਰਾਧਨਾ ਲਈ ਤੇਲ ਦਾ ਦੀਵਾ ਹੀ ਜਗਾਇਆ ਜਾਂਦਾ ਹੈ। ਇਸ ਤੋਂ ਬਿਨਾਂ ਜਿਨ੍ਹਾਂ ਮੰਦਰਾਂ ਵਿਚ ਨੌਂ-ਗ੍ਰਹਿਆਂ ਦੀ ਪੂਜਾ ਕੀਤੀ ਜਾਂਦੀ ਹੈ, ਉਥੇ ਵੀ ਸਨਾਤਨੀ ਵਿਧੀ ਅਨੁਸਾਰ ਸਰ੍ਹੋਂ ਦੇ ਤੇਲ ਦਾ ਦੀਵਾ ਹੀ ਜਗਾਇਆ ਜਾਂਦਾ ਹੈ। ਅੰਮ੍ਰਿਤਸਰ ਸ਼ਹਿਰ ਵਿਚ ਟਾਹਲੀ ਵਾਲੇ ਚੌਕ ਵਿਚ ਇਕ ਮੰਦਰ ਹੈ, ਜਿਥੇ ਸਨਾਤਨੀ ਵਿਧੀ ਰਾਹੀਂ ਨੌ ਗ੍ਰਹਿਆਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਸਰ੍ਹੋਂ ਦੇ ਤੇਲ ਦਾ ਦੀਵਾ ਜਗਦਾ ਹੈ। ਇਸੇ ਤਰ੍ਹਾਂ ਸਿੱਖ ਗੁਰਦੁਆਰਿਆਂ ਵਿਚ ਜਿਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ, ਉਥੇ ਘਿਉ ਦੀ ਜੋਤ ਜਗਦੀ ਹੈ ਅਤੇ ਉਹ ਗੁਰਦੁਆਰੇ ਜੋ ਸਮਾਧਾਂ ਤੇ ਉਸਰੇ ਹੋਏ ਹਨ, ਉਹਨਾਂ ਥਾਵਾਂ ਉੱਤੇ ਸਰ੍ਹੋਂ ਦੇ ਤੇਲ ਦਾ ਦੀਵਾ ਹੀ ਜਗਦਾ ਹੈ। ਅੰਮ੍ਰਿਤਸਰ ਸ਼ਹਿਰ ਦੇ ਵਿਚ ਹੀ ਗੁਰਦੁਆਰਾ ਬਾਬਾ ਬੋਤਾ ਸਿੰਘ (ਨੇੜੇ ਗੁਰਦੁਆਰਾ ਰਾਮਸਰ) ਵਿਖੇ ਸਰ੍ਹੋਂ ਦੇ ਤੇਲ ਦਾ ਦੀਵਾ ਜਗਦਾ ਹੈ। ਕਿਸੇ ਵੀ ਇਸ਼ਟ ਦੇਵਤਾ ਨੂੰ ਪ੍ਰਸੰਨ ਕਰਨ ਹਿੱਤ ਉਸ ਅੱਗੇ ਜਗਾਈ ਜੋਤਿ ਪ੍ਰਕਾਸ਼, ਚਾਨਣ, ਤੇਜ਼ ਚਮਕ ਦੀ ਪ੍ਤੀਕ ਹੈ। ਇਹ ਆਤਮਿਕ ਗਿਆਨ ਦੀ ਵੀ ਪ੍ਰਤੀਕ ਹੈ। ਇਸੇ ਲਈ ਪੂਜਾ ਦੀ ਥਾਲੀ ਵਿਚ ਫੁੱਲ, ਧੂਪ ਅਤੇ ਦੀਵਾ ਵੀ ਰੱਖਿਆ ਜਾਂਦਾ ਹੈ:
ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ ॥ ਨਾਮ ਤੇਰੇ ਕੀ ਜੋਤਿ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 694)
ਧੂਪ ਦੀਪ ਘ੍ਰਿਤ ਸਾਜਿ ਆਰਤੀ॥ ਵਾਰਨੇ ਜਾਉ ਕਮਲਾ ਪਤੀ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 695)
ਆਰਤੀ ਅਸਲ ਵਿਚ ਵਾਰਨੇ ਦੀ ਪ੍ਰਥਾ ਦਾ ਹੀ ਰੂਪ ਹੈ। ਮੱਧਕਾਲ ਵਿਚ ਮਾਵਾਂ ਯੁੱਧ ਦੇ ਮੈਦਾਨ ਵਿੱਚ ਜਿੱਤ ਪ੍ਰਾਪਤ ਕਰਕੇ ਆਏ ਪੁੱਤਰਾਂ ਦੀ ਆਰਤੀ ਉਤਾਰਦੀਆਂ ਸਨ ਅਤੇ ਉਹਨਾਂ ਦੀਆਂ ਬਲਾਵਾਂ ਆਪਣੇ ਸਿਰ ਲੈਂਦੀਆਂ ਸਨ। ਅਜੋਕੇ ਯੁੱਗ ਵਿਚ ਵੀ ਵਾਰਨੇ ਦੀ ਰਸਮ ਪ੍ਰਚਲਿਤ ਹੈ। ਵਿਆਹ ਤੋਂ ਬਾਅਦ ਜਦੋਂ ਡੋਲੀ ਘਰ ਵਿਚ ਆਉਂਦੀ ਹੈ ਤਾਂ ਕਈ ਥਾਵਾਂ ਉੱਤੇ ਪਾਣੀ ਵਾਰਨ ਦੀ ਰਸਮ ਸਮੇਂ ਥਾਲੀ ਵਿਚ ਘਿਉ ਦਾ ਦੀਵਾ ਜਗਾ ਕੇ ਇਹ ਰਸਮ ਨਿਭਾਈ ਜਾਂਦੀ ਹੈ।
ਦੀਵੇ ਵਿਚ ਹੋਰ ਮਹੱਤਵਪੂਰਨ ਚੀਜ਼ ਹੈ— ਰੂੰ ਦੀ ਬੱਤੀ ਅਤੇ ਅੱਗ |ਅੱਗ ਨੂੰ ਭਾਰਤੀ ਸੱਭਿਆਚਾਰ ਵਿਚ ਸਭ ਤੋਂ ਵੱਧ ਮਹੱਤਵਪੂਰਨ ਤੇ ਪਵਿੱਤਰ ਮੰਨਿਆ ਜਾਂਦਾ ਹੈ। ਜਾਦੂ ਚਿੰਤਨ ਅਨੁਸਾਰ ਰੂਹਾਂ ਅੱਗ ਦੇ ਨੇੜੇ ਨਹੀਂ ਆਉਂਦੀਆਂ। ਇਸੇ ਲਈ ਦੀਵੇ ਦੀ ਬਲਦੀ ਲੋਅ ਬਦਰੂਹਾਂ ਨੂੰ ਨੇੜੇ ਨਹੀਂ ਆਉਣ ਦਿੰਦੀ। ਸੂਤਕ ਵਾਲੇ ਕਮਰੇ ਵਿਚ ਬਲਦਾ ਦੀਵਾ ਇਸ ਲਈ ਰੱਖਿਆ ਜਾਂਦਾ ਹੈ। ਲੋਕ ਵਿਸ਼ਵਾਸ ਹੈ ਕਿ ਅੱਗ ਆਪਣੇ ਵਿਚ ਸਾਰੀ ਕਰੋਪੀ ਜਜ਼ਬ ਕਰਕੇ ਉਸ ਨੂੰ ਸਾੜ ਦਿੰਦੀ ਹੈ। ਇਸੇ ਲਈ ਨਜ਼ਰ ਉਤਾਰਨ ਲਈ ਇਕ ਅਜਿਹਾ ਟੂਣਾ ਪ੍ਰਚਲਿਤ ਹੈ। ਜਿਸ ਆਦਮੀ ਨੂੰ ਨਜ਼ਰ ਲੱਗੀ ਹੋਵੇ, ਉਸ ਦੀ ਨਜ਼ਰ ਉਤਾਰਨ ਲਈ ਰੂੰ ਦੀ ਬੱਤੀ ਨੂੰ ਸਰ੍ਹੋਂ ਦੇ ਤੇਲ ਵਿਚ ਭਿਉਂ ਲਿਆ ਜਾਂਦਾ ਹੈ, ਫਿਰ ਉਸ ਵਿਅਕਤੀ ਦੇ ਸਾਰੇ ਸਰੀਰ ਤੋਂ ਇੱਕੀ ਵਾਰ ਉਹ ਬੱਤੀ ਬਾਲ ਕੇ ਵਾਰੀ ਜਾਂਦੀ ਹੈ । ਉਸ ਬੱਤੀ ਨੂੰ ਪੁੱਠਿਆਂ ਕਰਕੇ ਕਿਸੇ ਉੱਚੀ ਥਾਂ 'ਤੇ ਟੰਗ ਦਿੱਤਾ ਜਾਂਦਾ ਹੈ। ਲੋਕ ਵਿਸ਼ਵਾਸ ਹੈ ਕਿ ਜੇਕਰ ਉਸ ਵਿਅਕਤੀ ਨੂੰ ਨਜ਼ਰ ਲੱਗੀ ਹੋਵੇ ਤਾਂ ਉਸ ਬੱਤੀ ਵਿੱਚੋਂ ਸ਼ਾ... ਦੀ ਆਵਾਜ਼ ਆਉਂਦੀ ਹੈ ਅਤੇ ਇਹ ਆਵਾਜ਼ ਤਦ ਤਕ ਆਉਂਦੀ ਰਹਿੰਦੀ ਹੈ, ਜਦ ਤਕ ਨਜ਼ਰ ਸੜ ਨਾ ਜਾਵੇ। ਦੀਵੇ ਨਾਲ ਸਬੰਧਿਤ ਕਈ ਲੋਕ ਵਿਸ਼ਵਾਸ ਵੀ ਪ੍ਰਚਲਿਤ ਹਨ। ਦੀਵਾ ਮਨੁੱਖੀ ਸਰੀਰ ਦਾ ਪ੍ਰਤੀਕ ਹੈ। ਲੋਕ ਵਿਸ਼ਵਾਸ ਹੈ ਕਿ ਜਿੰਨੀ ਦੇਰ ਤਕ ਸਰੀਰ ਵਿਚ ਸਵਾਸਾਂ ਦਾ ਤੇਲ ਹੈ, ਉਤਨਾ ਹੀ ਚਿਰ ਮਨੁੱਖੀ ਸਰੀਰ ਜੀਵੰਤ ਰਹਿੰਦਾ ਹੈ, ਜਦੋਂ ਸਰੀਰ ਵਿੱਚ ਸਵਾਸ ਰੂਪੀ ਤੇਲ ਖਤਮ ਹੋ ਜਾਂਦਾ ਹੈ ਤਾਂ ਫਿਰ ਦੀਵਾ ਬੁੱਝ ਜਾਂਦਾ ਹੈ।
ਜਬ ਲਗੁ ਤੇਲੁ ਦੀਵੇ ਮੁਖਿ ਬਾਤੀ ਤਬ ਸੁਝੈ ਸਭੁ ਕੋਈ ॥ ਤੇਲ ਜਲੇ ਬਾਤੀ ਠਹਰਾਨਾ ਸੁੰਨਾ ਮੰਦਰੁ ਹੋਈ ॥ (ਸ੍ਰੀ ਗੂਰੁ ਗ੍ੰਥ ਸਾਹਿਬ ,ਪੰਨਾ 477-78)
ਬਾਤੀ ਸੂਕੀ ਤੇਲੁ ਨਿਖੂਟਾ || ਮੰਦਲੁ ਨ ਬਾਜੈ ਨਟੁ ਪੈ ਸੂਤਾ ॥ ਬੁਝਿ ਗਈ ਅਗਨਿ ਨ ਨਿਕਸਿਓ ਧੂੰਆ॥ ਰਵਿ ਰਹਿਆ ਏਕੁ ਅਵਰੁ ਨਹੀ ਦੂਆ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੨੮੪)
ਹਿੰਦੂ ਧਰਮ ਵਿਚ ਜਦੋਂ ਕੋਈ ਵਿਅਕਤੀ ਮਰਨ ਲੱਗਦਾ ਹੈ ਤਾਂ ਉਸਦੇ ਸਿਰ ਵਾਲੇ ਪਾਸੇ ਕਣਕ ਦੇ ਢੇਰ ਤੇ ਆਟੇ ਦਾ ਦੀਵਾ ਜਗਾ ਕੇ ਰੱਖਿਆ ਜਾਂਦਾ ਹੈ। ਇਹ ਦੀਵਾ ਇਸ ਤਰ੍ਹਾਂ ਰੱਖਿਆ ਜਾਂਦਾ ਹੈ ਕਿ ਦੀਵੇ ਦੀ ਲੋਅ ਉਸ ਵਿਅਕਤੀ ਦੀਆਂ ਅੱਖਾਂ ਵਿਚ ਪਵੇ। ਇਹ ਮੰਨਿਆ ਜਾਂਦਾ ਹੈ ਕਿ ਜਦੋਂ ਤਕ ਦੀਵੇ ਦੀ ਲੋਅ ਵਿਅਕਤੀ ਦੀਆਂ ਅੱਖਾਂ ਵਿਚ ਰਹਿੰਦੀ ਹੈ, ਤਦ ਤੱਕ ਉਸ ਦੇ ਅੰਦਰ ਸਵਾਸ ਚਲਦੇ ਹਨ। ਇਸ ਰਸਮ ਨੂੰ ਦੀਵਾ ਵੱਟੀ ਦੀ ਰਸਮ ਕਿਹਾ ਜਾਂਦਾ ਹੈ|
ਲੰਕਾ ਸਾ ਕੋਟੁ ਸਮੁੰਦ ਸੀ ਖਾਈ ॥ ਤਿਹ ਰਾਵਨ ਘਰ ਖਬਰਿ ਨ ਪਾਈ ॥ ਕਿਆ ਮਾਗਉ ਕਿਛੁ ਥਿਰੁ ਨ ਰਹਾਈ ॥ ਦੇਖਤ ਲੋਕ ਚਲਿਓ ਜਗੁ ਜਾਈ॥ ਇੱਕ ਲਖੁ ਪੂਤ ਸਵਾ ਲਖੁ ਨਾਹੀ ॥ ਵਿਚ ਰਾਵਨ ਘਰ ਦੀਆ ਨ ਬਾਣੀ ॥ ( ਸ੍ਰੀ ਗੂਰੁ ਗ੍ਰੰਥ ਸਾਹਿਬ, ਪੰਨਾ 481)
ਇਕ ਹੋਰ ਧਾਰਨਾ ਹੈ ਕਿ ਜਦੋਂ ਮੈਡੀਕਲ ਸਾਇੰਸ ਵਿਕਸਿਤ ਨਹੀਂ ਸੀ ਹੋਈ ਤਾਂ ਕਈ ਵਿਅਕਤੀਆਂ ਦੇ ਅੰਤਿਮ ਚਲਦੇ ਸਵਾਸਾਂ ਬਾਰੇ ਪਤਾ ਨਹੀਂ ਸੀ ਲੱਗਦਾ . ਉਸ ਸਮੇਂ ਉਸ ਦੇ ਖੱਬੇ ਪਾਸੇ ਦੀਵਾ ਇਸ ਤਰ੍ਹਾਂ ਰੱਖਿਆ ਜਾਂਦਾ ਸੀ ਕਿ ਉਸਦੀ ਲੇਖ ਉਸਦੀਆਂ ਅੱਖਾਂ ਵਿਚ ਪਵੇ। ਜੇਕਰ ਉਸ ਵਿਚ ਸਵਾਸ ਚਲਦੇ ਹੋਣ ਤਾਂ ਦੀਵੇ ਦੀ ਲੋਅ ਨਾਲ ਉਹ ਪਾਣੀ ਅੱਖਾਂ ਝਮਕਦਾ ਹੈ। ਇਸ ਸਮੇਂ ਉਸ ਵਿਅਕਤੀ ਦਾ ਅੰਤਿਮ ਸਸਕਾਰ ਨਹੀਂ ਕੀਤਾ ਜਾਂਦਾ ਸੀ।
ਸ਼ਰਾਧਾਂ ਦੇ ਦਿਨਾਂ ਵਿਚ ਜਿਸ ਦਿਨ ਲੋਕ ਆਪਣੇ ਪਿੱਤਰਾਂ ਦੀ ਰੋਟੀ ਕਰਦੇ ਹਨ ਤਾਂ ਸ਼ਾਮ ਦੇ ਸਮੇਂ ਪਿੱਤਰਾਂ ਨੂੰ ਵਿਦਾ ਕਰਨ ਲਈ ਘਰ ਦੀਆਂ ਬਰੂਹਾਂ ਵਿਚ ਦੋ ਰੋਟੀਆਂ ਉਪਰ ਦੀਵਾ ਜਗਾ ਕੇ ਰੱਖਦੇ ਹਨ। ਲੋਕ ਮਤ ਹੈ ਕਿ ਇੰਜ ਕਰਨ ਨਾਲ ਘਰ ਆਏ ਪਿੱਤਰ ਵਾਪਸ ਚਲੇ ਜਾਂਦੇ ਹਨ, ਜਗਦਾ ਦੀਵਾ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਉਂਦਾ ਹੈ।
ਆਮ ਤੌਰ 'ਤੇ ਲੋਕ ਦੀਵੇ ਨੂੰ ਚੋਰਾਹੇ, ਖੂਹ, ਦਰੱਖਤ ਜਾਂ ਉਜਾੜ ਥਾਂ 'ਤੇ ਜਗਾ ਕੇ ਆਉਂਦੇ ਹਨ। ਲੋਕ ਵਿਸ਼ਵਾਸ ਹੈ ਕਿ ਇੰਜ ਕਰਨ ਨਾਲ ਜਮਪੁਰੀ ਨੂੰ ਜਾਂਦੇ ਸਮੇਂ ਦੀਵਾ ਚਾਨਣ ਦਾ ਕੰਮ ਕਰਦਾ ਹੈ
ਹਰਿ ਕਾ ਨਾਮੁ ਨ ਜਪਸਿ ਗਵਾਰਾ ॥ ਕਿਆ ਸੰਚਹਿ ਬਾਰੰ ਬਾਰਾ ॥ ਅੰਧਿਆਰੇ ਦੀਪਕੁ ਚਹੀਐ ॥ ਇੱਕ ਬਸਤੁ ਅਗੋਚਰ ਲਹੀਐ ॥ ਬਸਤੁ ਅਗੋਚਰ ਪਾਈ॥ ਘਟਿ ਦੀਪਕੁ ਰਹਿਆ ਸਮਾਈ ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨੇ 655-56)
ਦੀਵਾ ਗਿਆਨ ਦਾ ਪ੍ਰਤੀਕ ਹੈ। ਕੋਈ ਵੀ ਸ਼ੁਭ ਕਾਰਜ ਕਰਨ ਤੋਂ ਪਹਿਲਾ ਜੋਤੀ ਪ੍ਰਜਵੱਲਤ ਕੀਤੀ ਜਾਂਦੀ ਹੈ। ਕੁੜੀਆਂ ਰੰਗੋਲੀ ਬਣਾ ਕੇ ਉਸ ਦੇ ਚਾਰੇ ਪਾਸੇ ਦੀਵੇ ਜਗਾਉਂਦੀਆਂ ਹਨ। ਨੌਰਾਤਿਆਂ ਦੇ ਸ਼ੁਰੂ ਹੋਣ ਸਮੇਂ ਕੁੜੀਆਂ ਖੇਤਰੀ ਬੀਜ ਕੇ ਦੀਵਾ ਜਗਾਉਂਦੀਆਂ ਹਨ। ਫਿਰ ਦੀਵਾ ਅਤੇ ਖੇਤਰੀ ਅਸ਼ਟਮੀ ਵਾਲੇ ਦਿਨ ਆਟੋ ਦੇ ਦੀਵੇ ਵਿਚ ਜੋਤ ਜਗਾ ਕੇ ਜਲ ਪ੍ਰਵਾਹ ਕਰ ਦੇਂਦੀਆਂ ਹਨ। ਜੋਤ ਗਾਂ ਨੂੰ ਖਵਾਈ ਜਾਂਦੀ ਹੈ। ਪਿਪਲ ਦੇ ਦਰੱਖਤ ਥੱਲੇ ਸ਼ਨੀ ਦੇਵ ਦੀ ਅਰਾਧਨਾ ਲਈ ਦੀਵਾ ਜਗਾਇਆ ਜਾਂਦਾ ਹੈ ਅਤੇ ਕਰਵਾ ਚੋਥ ਦੀ ਥਾਲੀ ਵਿਚ ਵੀ ਦੀਵਾ ਜਗਾਇਆ ਜਾਂਦਾ ਹੈ। ਅਲਾਦੀਨ ਦਾ ਚਿਰਾਗ ਲੋਕ ਕਥਾਵਾਂ ਅਤੇ ਸਾਮੀ ਲੋਕ ਕਹਾਣੀਆਂ ਵਿਚ ਚਿਰਾਗ਼ ਦਾ ਜਿੰਨ ਨਾਮ ਦਾ ਇਕ ਪਾਤਰ ਮਿਲਦਾ ਹੈ। ਇਹ ਪਾਤਰ ਹਰ ਉਸ ਵਿਅਕਤੀ ਦਾ ਕਾਰਜ ਕਰਦਾ ਹੈ, ਜੋ ਦੁਖੀ, ਈਮਾਨਦਾਰ ਅਤੇ ਸਚਾਈ ਦੇ ਰਸਤੇ 'ਤੇ ਚਲਦਾ ਹੈ । ਜਾਗੋ ਕੱਢਣ ਸਮੇਂ ਕੁੜੀਆਂ ਪਿੱਤਲ ਦੀ ਗਾਗਰ ਉਪਰ ਆਟੇ ਦੇ ਦੀਵੇ ਬਣਾ ਕੇ ਜਗਾਉਂਦੀਆਂ ਹਨ। ਜਾਗੋ ਚੇਤਨਾ ਦੀ ਪ੍ਰਤੀਕ ਹੈ। ਭਾਰਤੀ ਸੰਗੀਤ ਵਿਚ ਦੀਪਕ ਰਾਗ ਦਾ ਵਰਨਣ ਮਿਲਦਾ ਹੈ। ਲੋਕ ਧਾਰਨਾ ਹੈ ਕਿ ਜੇਕਰ ਇਹ ਰਾਗ ਤਨੋਂ ਮਨੋਂ ਗਾਇਆ ਜਾਏ ਤਾਂ ਦੀਵੇ ਆਪਣੇ ਆਪ ਜਗ ਜਾਂਦੇ ਹਨ। ਦੀਵਾਲੀ ਅਤੇ ਜਗਰਾਵਾਂ ਦਾ ਮੇਲਾ ਦੀਵੇ ਜਗਾਉਣ ਦੀ ਪ੍ਰਥਾ ਕਾਰਨ ਪ੍ਰਸਿੱਧ ਹਨ । ਸਿੱਖ ਧਰਮ ਵਿਚ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਹੋਰ ਗੁਰਦੁਆਰਿਆਂ ਵਿਖੇ ਕੁਝ ਖ਼ਾਸ ਗੁਰਪੁਰਬਾਂ ਸਮੇਂ ਰਾਤ ਨੂੰ ਸਰੋਵਰ ਦੇ ਕੰਢੇ ਸਰੋਂ ਦੇ ਦੀਵੇ ਜਗਾਉਣ ਦੀ ਪਰੰਪਰਾ ਵੀ ਪ੍ਰਚਲਿਤ ਹੈ। ਜਗਰਾਵਾਂ ਦੇ ਮੇਲੇ ਨੂੰ ਇਸ ਕਰਕੇ ਰੋਸ਼ਨੀਆਂ ਦਾ ਮੇਲਾ ਕਿਹਾ ਜਾਂਦਾ ਹੈ, ਕਿਉਂਕਿ ਪੀਰ ਦੀ ਕਬਰ ਉੱਤੇ ਅਨੇਕਾਂ ਚਿਰਾਗ ਬਾਲੇ ਜਾਂਦੇ ਹਨ । ਜਿਨ੍ਹਾਂ ਦੀ ਰੌਸ਼ਨੀ ਕਾਫੀ ਦੂਰੋਂ ਵਿਖਾਈ ਦਿੰਦੀ ਹੈ, ਜੋ ਅਲੌਕਿਕ ਦ੍ਰਿਸ਼ ਪੇਸ਼ ਕਰਦੀ ਹੈ, ਇਸ ਮੇਲੇ ਦਾ ਆਪਣਾ ਜਲੌ ਹੈ
ਆਰੀ ਆਰੀ ਆਰੀ ਵਿਚ ਜਗਰਾਵਾਂ ਦੇ ਲਗਦੀ ਰੌਸ਼ਨੀ ਭਾਰੀ।
ਦੀਵਾਲੀ ਵਾਲੇ ਦਿਨ ਜੋ ਦੀਵੇ ਜਗਾਏ ਜਾਂਦੇ ਹਨ, ਉਹ ਸਰ੍ਹੋਂ ਦੇ ਤੇਲ ਦੇ ਹੀ ਹੁੰਦੇ ਹਨ। ਇਸ ਸੰਬੰਧ ਵਿਚ ਕਥਾ ਪ੍ਰਚਲਿਤ ਹੈ ਕਿ ਨਾਰਦ ਜੀ ਬ੍ਰਹਮਾ ਜੀ ਨੂੰ ਕਹਿੰਦੇ ਹਨ ਕਿ ਦੀਵੇ ਦਾ ਮਹੱਤਵ ਦੱਸੋ। ਬ੍ਰਹਮਾ ਜੀ ਕਹਿਣ ਲੱਗੇ ਕਿ ਹੇ ਪੁੱਤਰ ਦੀਪ ਚਾਹੇ ਸੋਨੇ ਜਾਂ ਚਾਂਦੀ ਦਾ, ਤਾਂਬੇ, ਆਟੇ ਜਾਂ ਮਿੱਟੀ ਦਾ ਹੋਵੇ, ਆਪਣੀ ਆਪਣੀ ਸ਼ਰਧਾ ਅਨੁਸਾਰ ਕੱਤਕ ਦੇ ਮਹੀਨੇ ਵਿਚ ਦਾਨ ਕਰਨਾ ਚਾਹੀਦਾ ਹੈ। ਦੀਵਾ ਭਗਵਾਨ ਦੀ ਮੂਰਤੀ ਦੇ ਅੱਗੇ ਜਾਂ ਤੁਲਸੀ ਦੇ ਦਰੱਖ਼ਤ ਦੇ ਨੇੜੇ, ਚੌਕ ਵਿਚ, ਬ੍ਰਾਹਮਣ ਦੇ ਘਰ, ਦਰੱਖਤ ਦੇ ਥੱਲੇ, ਜੰਗਲ ਵਿਚ, ਗਊਸ਼ਾਲਾ ਵਿਚ ਜਾਂ ਤਾਕ 'ਤੇ ਚਾਹ ਪੀ ਦਾ ਹੋਵੇ ਜਾਂ ਤੇਲ ਦਾ ਜਗਾਉਣਾ ਚਾਹੀਦਾ ਹੈ, ਜੋ ਬ੍ਰਾਹਮਣ ਦੇ ਘਰ ਦੀਵਾ ਜਗਾਉਂਦਾ ਹੈ, ਉਸ ਨੂੰ ਅਗਿਨਸ਼ਟੋਮ ਯੱਗ ਦਾ ਫਲ ਪ੍ਰਾਪਤ ਹੁੰਦਾ ਹੈ ਅਤੇ ਜੋ ਆਕਾਸ਼ ਵਿਚ (ਉੱਚਾ) ਦੀਵਾ ਜਗਾਉਂਦਾ ਹੈ, ਉਸਦੇ ਧਨ ਵਿਚ ਵਾਧਾ ਹੁੰਦੈ, ਬੈਕੁੰਠ ਵਿਚ ਨਿਵਾਸ ਮਿਲਦਾ ਹੈ। ਭਗਵਾਨ ਦੇ ਅੱਗੇ ਪ੍ਰਾਰਥਨਾ ਕਰੋ ਕਿ ਹੈ ਪਰਮਾਤਮਾ ਮੈਂ ਤੁਹਾਡੇ ਸਨਮੁਖ ਦੀਵਾ ਜਗਾਉਂਦਾ ਹਾਂ। ਕੱਤਕ ਦੇ ਮਹੀਨੇ ਵਿਚ ਪਰਮਾਤਮਾ ਦੀ ਪੂਜਾ ਕਰਨ ਨਾਲ ਪਾਪ ਨਸ਼ਟ ਹੋ ਜਾਂਦੇ ਹਨ। ਪ੍ਰਾਚੀਨ ਕਾਲ ਵਿਚ ਲੋਕ ਕੱਤਕ ਦੇ ਪੂਰੇ ਮਹੀਨੇ ਦਿਨ ਰਾਤ ਦੀਵਾ ਜਗਾ ਕੇ ਰੱਖਦੇ ਸਨ, ਪਰੰਤੂ ਅੱਜਕੱਲ੍ਹ ਇਹ ਪਰੰਪਰਾ ਖ਼ਤਮ ਹੋ ਗਈ ਹੈ ਅਤੇ ਕੇਵਲ ਮੱਸਿਆ ਦੀ ਰਾਤ ਨੂੰ ਹੀ ਦੀਵੇ ਜਗਾਏ ਜਾਂਦੇ ਹਨ। ਹਿੰਦੂ ਧਰਮ ਵਿਚ ਕੱਤਕ ਦੇ ਮਹੀਨੇ ਲੋਕ ਤੁਲਸੀ ਅਤੇ ਘਰ ਦੀ ਮਮਟੀ ਉੱਤੇਜ਼ਰੂਰ ਦੀਵਾ ਜਗਾਉਂਦੇ ਹਨ। ਇਸ ਤੋਂ ਇਲਾਵਾ ਮੰਦਰਾਂ ਵਿਚ ਜਦੋਂ ਹਵਨ ਕੀਤਾ ਜਾਂਦਾ ਹੈ ਤਾਂ ਮੰਦਰ ਦੀ ਚੋਖਟ ਦੇ ਬਾਹਰ ਚੁਮੁੱਖੀਆ ਦੀਵਾ ਜਗਾਇਆ ਜਾਂਦਾ ਹੈ। ਹਨੂੰਮਾਨ ਦੀ ਆਰਾਧਨਾ ਕਰਨ ਲਈ ਕਈ ਲੋਕ ਸਰ੍ਹੋਂ ਜਾਂ ਚਮੇਲੀ ਦੇ ਤੇਲ ਦਾ ਦੀਵਾ ਜਗਾਉਂਦੇ ਹਨ। ਸਾਹਿਤ ਅਤੇ ਲੋਕ ਸਾਹਿਤ ਵਿਚ ਵੀ ਦੀਵੇ ਦਾ ਜ਼ਿਕਰ ਆਮ ਮਿਲਦਾ ਹੈ। ਦੀਵੇ ਨਾਲ ਸਬੰਧਿਤ ਅਖਾਣ ਅਤੇ ਮੁਹਾਵਰੇ ਇਸ ਪ੍ਰਕਾਰ ਹਨ । ਦੀਵਾ ਬਲਿਆ ਹਨੇਰਾ ਟਲਿਆ, ਦੀਵੇ ਥੱਲੇ ਅਨ੍ਹੇਰਾ। ਇਸੇ ਤਰ੍ਹਾਂ ਪੰਜਾਬੀ ਬੁਝਾਰਤਾਂ ਵਿਚ ਵੀ ਦੀਵੇ ਦੇ ਸੰਕਲਪ ਨੂੰ ਇਸ ਤਰ੍ਹਾਂ ਪੇਸ਼ ਕੀਤਾ ਹੈ
(1) ਦੋ ਆਰ ਦੀਆਂ ਦੋ ਪਾਰ ਦੀਆਂ ਧੀਆਂ ਸ਼ਾਹੂਕਾਰ ਦੀਆਂ ਰਾਹ ਦੇ ਵਿਚ ਕਸੀਦਾ ਕੱਢਣ ਰਾਹ ਜਾਂਦੇ ਨੂੰ ਮਾਰਦੀਆਂ।
(2) ਚੜ ਚੌਕੀ 'ਤੇ ਬੈਠੀ ਰਾਣੀ ਸਿਰ 'ਤੇ ਅੱਗ ਬਦਨ ਤੇ ਪਾਣੀ।
(3) ਬਚਪਨ ਉਸਦਾ ਸਭ ਨੂੰ ਭਾਵੇ ਵੱਡਾ ਹੋਵੇ ਤਾਂ ਕੰਮ ਨਾ ਆਵੇ।
ਲੋਕਗੀਤਾਂ ਵਿਚ ਦੀਵ ਦਾ ਜ਼ਿਕਰ ਇਸ ਪ੍ਰਕਾਰ ਹੈ
1) ਸਾਡੇ ਬਲਣ ਪ੍ਰੇਮ ਦੇ ਦੀਵੇ
ਰੱਤੀਆਂ ਮੈਂ ਤੇਰੇ ਨਾਮ ਦੀ।
2 )ਅਸੀਂ ਸੰਗਤਾਂ ਦੀ ਸ਼ਰਣਾਈ
ਨੇਮ ਵਾਲਾ ਦੀਵਾ ਬਾਲਿਆ ਸਾਡੇ ਸੰਗਤਾਂ ਦੇ ਬੂਹੇ ਉੱਤੇ ਸਿਆਲ ਤੇ ਹੁਨਾਲ ਬੀਤਦੇ ਸੰਗਤਾਂ ਦੀ ਜੋਤ ਸਵਾਈ ਰੱਬ ਵਾਲਾ ਦੀਵਾ ਬਲਦਾ।
4)ਬਲ ਬਲ ਦੀਵਿਆ
ਸੱਜਣਾਂ ਦੇ ਅੱਗੇ ਸਾਡੀ ਬੇਨਤੀ ਛੱਡ ਕੇ ਨਾ ਜਾਣਾ ਪਰਦੇਸ ਵੇ।
ਲੋਕ-ਖੇਡਾਂ ਵਿਚ ਵੀ ਦੀਵੇ ਦਾ ਵਰਨਣ ਮਿਲਦੈ। ਲੁਕਣ-ਮੀਟੀ ਦੀ ਖੇਡ ਸਮੇਂ ਬੱਚੇ ਜੋ ਗੀਤ ਗਾਉਂਦੇ ਹਨ, ਉਹਨਾਂ ਵਿਚ ਦੀਵੇ ਦਾ ਜ਼ਿਕਰ ਮਿਲਦਾ ਹੈ
ਪਹਿਲੀ ਧਿਰ (ਲੱਭਣ ਵਾਲੀ) : ਆ ਜਾਵਾਂ ਦੂਜੀ ਧਿਰ (ਜਿਸ ਨੂੰ ਲੱਭਣਾ ਹੈ): ਨਹੀ ਪਹਿਲੀ : ਆ ਆ ਜਾ ਦੂਜੀ : ਆ ਜਾ ਪਹਿਲੀ : ਕਿਥੋਂ ਆਵਾਂ ਦੂਜੀ : ਗਲੀ ਵਿੱਚੋਂ ਪਹਿਲੀ : ਗਲੀ ਵਿਚ ਨ੍ਹੇਰਾ ਦੂਜੀ : ਲੈਂਪ ਲੈ ਕੇ ਆ ਜਾ ਪਹਿਲੀ : ਲੈਂਪ ਮੇਰੀ ਟੁੱਟੀ ਭੱਜੀ ਦੂਜੀ : ਦੀਵਾ ਲੈ ਕੇ ਆ ਜਾ ਪਹਿਲੀ : ਦੀਵੇ ਵਿਚ ਤੇਲ ਨਹੀਂ ਦੂਜੀ : ਭਾਈ ਦੀ ਹੱਟੀਓਂ ਲੈ ਆ ਪਹਿਲੀ : ਭਾਈ ਦੀ ਹੱਟੀ ਬੰਦ ਦੂਜੀ : ਓਹ ਕੁੜੀ/ਮੁੰਡੇ ਦੀ ਝੰਡ
ਦੀਵੇ ਨਾਲ ਕਈ ਲੋਕ ਵਿਸ਼ਵਾਸ ਜੁੜੇ ਹੋਏ ਹਨ। ਦੀਵਾ ਫੂਕ ਮਾਰ ਕੇ ਨਹੀਂ ਬੁਝਾਉਣਾ ਚਾਹੀਦਾ ਇੰਜ ਕਰਨ ਨਾਲ ਦੀਵਾ ਭਿੱਟ ਜਾਂਦਾ ਹੈ। ਦੀਵਾ ਹੱਥ ਜਾਂ ਕੱਪੜੇ ਦੇ ਪੱਲੇ ਨਾਲ ਬੁਝਾਇਆ ਜਾਂਦਾ ਹੈ। ਦੀਵੇ ਨੂੰ ਬੁਝਾਉਣਾ ਕਹਿਣਾ ਅਪਸ਼ਗਨ ਹੈ। ਇਸ ਨੂੰ ਵੱਡਾ ਕਰਨਾ ਕਿਹਾ ਜਾਂਦਾ ਹੈ। ਪੀਰਾਂ, ਫਕੀਰਾਂ, ਦਰੱਖਤਾਂ ਅਤੇ ਸਮਾਧਾਂ 'ਤੇ ਜਗਦੇ ਦੀਵੇ/ਚਿਰਾਗ ਜਾਂ ਜੋਤ ਵਿਚ ਤੇਲ ਜਾਂ ਘਿਉਂ ਪਾਉਂਦੇ ਵਕਤ ਜੇ ਉਹ ਬੁੱਝ ਜਾਵੇ ਤਾਂ ਇਸ ਦਾ ਅਰਥ ਹੈ ਕਿ ਮਨੋ ਕਾਮਨਾ ਪੂਰੀ ਨਹੀਂ ਹੋਣੀ। ਦੀਵਾ ਕਦੀ ਵੀ ਜ਼ਮੀਨ 'ਤੇ ਨਹੀਂ ਰੱਖਿਆ ਜਾਂਦਾ, ਹਮੇਸ਼ਾਂ ਕਿਸੇ ਉੱਚੀ ਥਾਂ 'ਤੇ ਹੀ ਰੱਖਿਆ ਜਾਂਦਾ ਹੈ। ਜਿਸ ਥਾਂ ਦੀਵਾ ਰੱਖਿਆ ਜਾਂਦਾ ਹੈ, ਉਸ ਨੂੰ ਦੀਵਟ ਕਹਿੰਦੇ ਹਨ। ਰੋਟੀ ਖਾਂਦੇ ਸਮੇਂ ਦੀਵੇ ਨੂੰ ਨਹੀਂ ਬੁਝਾਇਆ ਜਾਂਦਾ | ਦੀਵਾ ਦਿਨ ਦੇ ਸਮੇਂ ਜੁੜ ਕਾਰਜ ਤੋਂ ਬਗੈਰ ਜਗਾਉਣਾ ਅਪਸ਼ਗਨ ਮੰਨਿਆ ਜਾਂਦਾ ਹੈ। ਘਰਾਂ ਵਿੱਚ ਜਦੋਂ ਸ਼ਾਮ ਨੂੰ ਦੀਵਾ ਜਗਾਇਆ ਜਾਂਦਾ ਹੈ ਤਾਂ ਵਡੇਰੀਆਂ ਔਰਤਾਂ ਮੱਥਾ ਟੇਕਦੀਆਂ ਹਨ ਅਤੇ ਇਹ ਤੁਕਾਂ ਉਚਾਰਦੀਆਂ ਹਨ।
ਆਈ ਸੰਝਕਾਰਨੀ ਸੱਭੇ ਦੂਖ ਨਿਵਾਰਨੀ। ਦੀਵਟ ਦੀਵਾ ਬਲੇ। ਸੱਤਰ ਸੌ ਬਲਾ ਟਲੇ ਦੀਵਣ ਘਿਓ ਦੀ ਬੱਤੀ ਘਰ ਆਵੇ ਬਹੁਤੀ ਖੱਟੀ ਦੀਵਣ ਦੀਵਾ ਬਾਲਿਆ ਬੱਤੀ ਦੋਸ਼ ਟਾਲਿਆ ।
ਦੀਵੇ ਨੂੰ ਬੁਝਾਉਣ ਲੱਗਿਆਂ ਵੀ ਆਦਰ ਨਾਲ ਵਿਦਾ ਕੀਤਾ ਜਾਂਦਾ ਹੈ
ਜਾ ਦਵਿਆ ਘਰ ਆਪਣੇ ਤੇਰੀ ਮਾਂ ਉਡੀਕੇ ਵਾਰ| ਆਈ ਹਨੇਰੇ, ਜਾਈਂ ਸਵੇਰ ਸੱਭੇ ਸ਼ਗਨ ਵਿਚਾਰ। ਜਾ ਦੀਵਿਆ ਘਰ ਆਪਣੇ ਸੁਖ ਵਸਾਈਂ ਰਾਤ। ਰਿਜ਼ਕ ਲਿਆਈਂ ਭਾਲ ਤੇਲ ਲਿਆਈ ਨਾਲ|
ਦੀਵੇ ਦਾ ਲੋਕ-ਚਕਿੱਤਸਾ ਦੇ ਖੇਤਰ ਵਿਚ ਵੀ ਬਹੁਤ ਵੱਡਾ ਰੋਲ ਹੈ। ਮਿੱਟੀ ਦੇ ਤੇਲ ਦੀ ਖੋਜ ਤੋਂ ਬਾਅਦ ਜਦੋਂ ਲੋਕ ਇਸ ਤੇਲ ਦੇ ਦੀਵੇ ਬਾਲਣ ਲੱਗੇ ਤਾਂ ਨਾਲ ਹੀ ਇਹ ਸ਼ਿਕਾਇਤ ਕਰਦੇ ਸਨ ਕਿ ਇਸ ਨਾਲ ਉਹਨਾਂ ਦਾ ਸਿਰ ਭਾਰਾ ਹੋ ਗਿਆ ਹੈ। ਜਦੋਂ ਕਿ ਘਿਓ ਜਾਂ ਸਰ੍ਹੋਂ ਦੇ ਤੇਲ ਦੇ ਦੀਵੇ ਨਾਲ ਅਜਿਹਾ ਨਹੀਂ ਸੀ ਮਹਿਸੂਸ ਕਰਦੇ। ਸਗੋਂ ਇਹ ਦੀਵੇ ਵਾਤਾਵਰਣ ਨੂੰ ਵੀ ਸ਼ੁੱਧ ਰਖਦੇ ਸਨ। ਬਿਜਲੀ ਦੀ ਖੋਜ ਤੋਂ ਬਾਅਦ ਦੀਵੇ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਮਹੱਤਾ ਘੱਟ ਗਈ ਹੈ ਅਤੇ ਇਸ ਦੀ ਥਾਂ ਮਸ਼ੀਨੀ ਅਤੇ ਰਸਾਇਣਕ ਪਦਾਰਥ ਨਾਲ ਤਿਆਰ ਹੋਈ ਮੋਮਬਤੀ ਨੇ ਲਈ ਹੈ। ਪਰ ਆਪਣੀ ਸੱਭਿਆਚਾਰਕ ਮਹੱਤਾ ਕਾਰਨ ਦੀਵਾ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਜਦੋਂ ਜਹਿਦ ਕਰ ਰਿਹਾ ਹੈ।
ਹਵਾਲੇ
[ਸੋਧੋ]- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000008-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000009-QINU`"'</ref>" does not exist.
- ↑ "PAGE 663 - Sri Guru Granth Sahib translation". Archived from the original on 2011-11-14. Retrieved 2014-09-07.
{{cite web}}
: Unknown parameter|dead-url=
ignored (|url-status=
suggested) (help)
<ref>
tag defined in <references>
has no name attribute.