ਸਮੱਗਰੀ 'ਤੇ ਜਾਓ

ਐਂਗਲੋ-ਮੈਸੂਰ ਲੜਾਈਆਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਐਂਗਲੋ-ਮੈਸੂਰ ਲੜਾਈਆਂ 18ਵੀਂ ਸਦੀ ਦੇ ਅੰਤ ਵਿੱਚ ਹੋਈਆਂ ਲੜਾਈਆਂ ਦੀ ਲੜੀ ਹੈ ਜਿਹੜੀਆਂ ਕਿ ਮੁੱਖ ਤੌਰ 'ਤੇ ਮੈਸੂਰ ਦਾ ਰਾਜ ਅਤੇ ਈਸਟ ਇੰਡੀਆ ਕੰਪਨੀ ਵਿਚਕਾਰ ਲੜੀਆਂ ਗਈਆਂ। ਇਸ ਤੋਂ ਇਲਾਵਾ ਈਸਟ ਇੰਡੀਆ ਕੰਪਨੀ ਦੇ ਨਾਲ ਮਰਾਠਾ ਸਾਮਰਾਜ ਅਤੇ ਨਿਜ਼ਾਮ ਹੈਦਰਾਬਾਦ ਵੀ ਮੈਸੂਰ ਦੇ ਵਿਰੋਧ 'ਚ ਸਨ। ਹੈਦਰ ਅਲੀ ਤੇ ਉਸਦੇ ਉੱਤਰਾਧਿਕਾਰੀ ਟੀਪੂ ਸੁਲਤਾਨ ਨੇ ਚਾਰ ਮੋਰਚਿਆਂ ਤੋਂ ਜੰਗਾਂ ਲੜੀਆਂ ਜਿਸ ਵਿੱਚ ਪੱਛਮ,ਦੱਖਣ ਅਤੇ ਪੂਰਬ ਤੋਂ ਅੰਗਰੇਜ਼ਾਂ ਅਤੇ ਉੱਤਰ ਵਾਲੇ ਪਾਸਿਓਂ ਮਰਾਠਿਆਂ ਅਤੇ ਨਿਜ਼ਾਮ ਦੀ ਫ਼ੌਜ ਨੇ ਹਮਲਾ ਕੀਤਾ। ਇਸੇ ਲੜੀ ਦੀ ਚੌਥੀ ਅਤੇ ਆਖ਼ਰੀ ਜੰਗ ਤੋਂ ਬਾਅਦ ਜਿਸ ਵਿੱਚ ਟੀਪੂ ਸੁਲਤਾਨ ਮਾਰਿਆ ਗਿਆ ਸੀ ਅਤੇ ਅੰਗਰੇਜ਼ਾਂ ਦੀ ਇੱਕ ਇਤਿਹਾਸਕ ਜਿੱਤ ਹੋਈ ਸੀ, ਮੈਸੂਰ ਦਾ ਰਾਜ ਅੰਗਰੇਜ਼ਾਂ ਦੇ ਹੱਥਾਂ ਵਿੱਚ ਪੂਰੀ ਤਰ੍ਹਾਂ ਆ ਗਿਆ ਸੀ।

ਪਹਿਲੀ ਐਂਗਲੋ-ਮੈਸੂਰ ਲੜਾਈ (1767-1769) ਦੌਰਾਨ ਹੈਦਰ ਅਲੀ ਨੂੰ ਅੰਗਰੇਜ਼ਾਂ ਦੇ ਖ਼ਿਲਾਫ਼ ਕਾਫ਼ੀ ਸਫ਼ਲਤਾ ਮਿਲੀ ਸੀ ਜਿਸ ਵਿੱਚ ਉਸਨੇ ਮਦਰਾਸ 'ਤੇ ਕਬਜ਼ਾ ਕਰ ਲਿਆ ਸੀ। ਇਸ ਜੰਗ ਵਿੱਚ ਅੰਗਰੇਜ਼ਾਂ ਨੇ ਹੈਦਰਾਬਾਦ ਦੇ ਨਿਜ਼ਾਮ ਨੂੰ ਹੈਦਰ ਅਲੀ ਉੱਪਰ ਹਮਲਾ ਕਰਨ ਲਈ ਰਾਜ਼ੀ ਕਰ ਲਿਆ ਸੀ, ਪਰ ਐਨ ਸਮੇਂ 'ਤੇ ਨਿਜ਼ਾਮ ਨੇ ਪਾਸਾ ਬਦਲ ਲਿਆ ਅਤੇ ਹੈਦਰ ਅਲੀ ਵੱਲ ਹੋ ਗਿਆ। ਨਿਜ਼ਾਮ ਦੀ ਹੈਦਰ ਅਲ਼ੀ ਦੀ ਇਹ ਸਹਾਇਤਾ ਆਰਜ਼ੀ ਤੌਰ ਉੱਤੇ ਹੀ ਸੀ ਅਤੇ ਉਸਨੇ ਫ਼ਰਵਰੀ 1768 ਵਿੱਚ ਅੰਗਰੇਜ਼ਾਂ ਨਾਲ ਇੱਕ ਨਵੀਂ ਸੰਧੀ ਕਰ ਲਈ ਸੀ। ਫਿਰ ਵੀ ਹੈਦਰ ਨੇ ਆਪਣਾ ਸੰਘਰਸ਼ ਜਾਰੀ ਰੱਖਿਆ ਅਤੇ ਜਿਸ ਵਿੱਚ ਉਸਨੇ ਅੰਗਰੇਜ਼ਾਂ ਦੀ ਬੰਬਈ ਦੀ ਫ਼ੌਜ ਅਤੇ ਮਦਰਾਸ ਦੀ ਫ਼ੌਜ ਉੱਪਰ ਦੋਵਾਂ ਉੱਪਰ ਹਮਲਾ ਕੀਤਾ। ਮਦਰਾਸ ਦੇ ਹਮਲੇ ਤੋਂ ਹਾਰ ਕੇ ਅੰਗਰੇਜ਼ਾਂ ਨੇ ਸ਼ਾਂਤੀ ਦੀ ਮੰਗ ਕੀਤੀ, ਜਿਸਦੇ ਨਤੀਜੇ ਵਜੋਂ ਅੰਗਰੇਜ਼ਾਂ ਅਤੇ ਹੈਦਰ ਅਲੀ ਦੇ ਵਿਚਕਾਰ ਮਦਰਾਸ ਦੀ ਸੰਧੀ ਹੋਈ।

ਦੂਜੀ ਐਂਗਲੋ-ਮੈਸੂਰ ਲੜਾਈ (1780-84) ਇਹਨਾਂ ਲੜਾਈਆਂ ਵਿੱਚ ਸਭ ਤੋਂ ਖ਼ੂਨੀ ਲੜਾਈ ਸੀ, ਜਿਸ ਵਿੱਚ ਕਿਸੇ ਵੀ ਧਿਰ ਦੀ ਨਿਸ਼ਚਿਤ ਜਿੱਤ ਨਹੀਂ ਹੋਈ। ਟੀਪੂ ਨੇ ਅੰਗਰੇਜ਼ਾਂ ਦੇ ਫ਼ੌਜੀ ਜਰਨੈਲ ਬੇਲੀ ਨੂੰ ਸਿਤੰਬਰ 1780 ਵਿੱਚ ਪੋੱਲੀਲੁਰ ਦੀ ਲੜਾਈ ਵਿੱਚ ਅਤੇ ਫ਼ਰਵਰੀ 1782 ਵਿੱਚ ਬਰੈੱਥਵੇਟ ਨੂੰ ਕੁੰਬਾਕੋਨਮ ਵਿੱਚ ਹਰਾਇਆ ਅਤੇ ਇਹਨਾਂ ਦੋਵਾਂ ਅੰਗਰੇਜ਼ ਅਫ਼ਸਰਾਂ ਨੂੰੰ ਸਰੰਗਾਪਟਨਮ ਵਿਖੇ ਬੰਦੀ ਬਣਾ ਲਿਆ। ਇਸ਼ ਜੰਗ ਵਿੱਚ ਅੰਗਰੇਜ਼ਾਂ ਦੇ ਲੈਫ਼ਟੀਨੈਂਟ-ਜਨਰਲ ਆਇਰ ਕੂਟ ਨੂੰ ਕਾਫ਼ੀ ਸਫ਼ਲਤਾ ਮਿਲੀ ਜਿਸ ਵਿੱਚ ਉਸਨੇ ਹੈਦਰ ਅਲੀ ਨੂੰ ਪੋਰਟੋ ਨੋਵੋ ਅਤੇ ਅਰਨੀ ਵਿਖੇ ਹਰਾਇਆ। ਇਸ ਜੰਗ ਦੌਰਾਨ ਹੈਦਰ ਅਲੀ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਟੀਪੂ ਸੁਲਤਾਨ ਨੇ ਇਸ ਜੰਗ ਨੂੰ ਜਾਰੀ ਰੱਖਿਆ। ਅੰਤ ਵਿੱਚ ਇਹ ਜੰਗ ਬਰਾਬਰੀ 'ਤੇ ਖ਼ਤਮ ਹੋਈ। ਇਹ ਆਖ਼ਰੀ ਜੰਗ ਸੀ ਜਿਸ ਵਿੱਚ ਕਿਸੇ ਭਾਰਤੀ ਰਾਜੇ ਨੇ ਅੰਗਰੇਜ਼ਾਂ ਨਾਲ ਬਰਾਬਰੀ 'ਤੇ ਜੰਗ ਖ਼ਤਮ ਕੀਤੀ ਸੀ। ਇਸ ਜੰਗ ਦਾ ਨਤੀਜਾ ਮੰਗਲੌਰ ਦੀ ਸੰਧੀ ਸੀ।

ਤੀਜੀ ਐਂਗਲੋ-ਮੈਸੂਰ ਲੜਾਈ (1790–92) ਦੌਰਾਨ ਮੈਸੂਰ ਦੇ ਰਾਜਾ ਟੀਪੂ ਸੁਲਤਾਨ ਅਤੇ ਉਸਦੇ ਫ਼ਰਾਂਸੀਸੀ ਸਹਿਯੋਗੀਆਂ ਨੇ ਤਰਾਵਣਕੋਰ (1789),ਜਿਹੜਾ ਕਿ ਅੰਗਰੇਜ਼ਾਂ ਦਾ ਸਹਾਇਕ ਸੀ,ਉੱਪਰ ਹਮਲਾ ਕੀਤਾ। ਇਹ ਲੜਾਈ ਤਕਰੀਬਨ 3 ਸਾਲ ਤੱਕ ਜਾਰੀ ਰਹੀ ਅਤੇ ਇਸ ਵਿੱਚ ਮੈਸੂਰ ਨੂੰ ਕਰਾਰੀ ਹਾਰ ਮਿਲੀ। ਇਹ ਲੜਾਈ ਸਰੰਗਾਪਟਨਮ ਦੀ ਘੇਰਾਬੰਦੀ 1792 ਤੋਂ ਬਾਅਦ ਖ਼ਤਮ ਹੋਈ ਅਤੇ ਦੋਵਾਂ ਧਿਰਾਂ ਵਿਚਕਾਰ ਸਰੰਗਾਪਟਨਮ ਦੀ ਸੰਧੀ ਹੋਈ, ਜਿਸਦੇ ਨਤੀਜੇ ਵਜੋਂ ਟੀਪੂ ਨੂੰ ਆਪਣੇ ਰਾਜ ਦਾ ਅੱਧਾ ਹਿੱਸਾ ਅੰਗਰੇਜ਼ਾਂ ਅਤੇ ਉਸਦੇ ਸਹਾਇਕ ਰਾਜਾਂ ਨੂੰ ਦੇਣਾ ਪਿਆ।

ਚੌਥੀ ਐਂਗਲੋ-ਮੈਸੂਰ ਲੜਾਈ (1799) ਇਸ ਲੜੀ ਦੀ ਆਖ਼ਰੀ ਜੰਗ ਸੀ ਜਿਸ ਵਿੱਚ ਟੀਪੂ ਸੁਲਤਾਨ ਦੀ ਮੌਤ ਹੋ ਗਈ ਅਤੇ ਮੈਸੂਰ ਦੇ ਰਾਜ ਹੇਠਾਂ ਆਉਂਦੇ ਇਲਾਕਿਆਂ ਵਿੱਚ ਹੋਰ ਕਮੀ ਆ ਗਈ। ਮੈਸੂਰ ਦੀ ਫ਼ਰਾਂਸੀਸੀ ਕੰਪਨੀ ਨਾਲ ਸਮਝੌਤੇ ਨੂੰ ਅੰਗਰੇਜ਼ਾਂ ਨੇ ਆਪਣੇ ਲਈ ਖ਼ਤਰਾ ਸਮਝਿਆ ਅਤੇ ਮੈਸੂਰ ਉੱਪਰ ਚਾਰੇ ਪਾਸਿਓਂ ਹਮਲਾ ਕਰ ਦਿੱਤਾ। ਟੀਪੂ ਦੀ ਸੈਨਾ ਅੰਗਰੇਜ਼ਾਂ ਦੇ ਮੁਕਾਬਲੇ 4:1 ਦੇ ਅਨੁਪਾਤ ਨਾਲ ਘੱਟ ਸੀ। ਹੈਦਰਾਬਾਦ ਦੇ ਨਿਜ਼ਾਮ ਅਤੇ ਮਰਾਠਿਆ ਨੇ ਉੱਤਰ ਵਾਲੇ ਪਾਸਿਓਂ ਹਮਲਾ ਕੀਤਾ। ਅੰਗਰੇਜ਼ਾਂ ਨੇ ਇਹ ਇਤਿਹਾਸਿਕ ਲੜਾਈ ਸਰੰਗਾਪਟਨਮ ਦੀ ਘੇਰਾਬੰਦੀ 1799 ਕਰਕੇ ਜਿੱਤ ਲਈ। ਟੀਪੂ ਆਪਣੀ ਰਾਜਧਾਨੀ ਦੇ ਬਚਾਅ 'ਚ ਲੜਦਾ ਹੋਇਆ ਮਾਰਿਆ ਗਿਆ। ਮੈਸੂਰ ਦੇ ਜ਼ਿਆਦਾਤਰ ਇਲਾਕਿਆਂ ਨੂੰ ਅੰਗਰੇਜ਼ਾਂ, ਹੈਦਰਾਬਾਦ ਦੇ ਨਿਜ਼ਾਮ ਅਤੇ ਮਰਾਠਿਆਂ ਨੇ ਆਪਣੇ ਰਾਜ ਵਿੱਚ ਸ਼ਾਮਿਲ ਕਰ ਲਿਆ। ਬਾਕੀ ਰਾਜਧਾਨੀ ਦੇ ਨਾਲ ਲੱਗਦੇ ਹਿੱਸੇ ਨੂੰ ਅੰਗਰੇਜ਼ਾਂ ਨੇ ਓਡੇਅਰ ਵੰਸ਼ ਦੇ ਰਾਜਕੁਮਾਰ ਨੂੰ ਸੌਂਪ ਦਿੱਤਾ,ਜਿਸਦੇ ਪੁਰਖੇ ਮੈਸੁੂਰ ਦੇ ਅਸਲ ਰਾਜੇ ਸਨ। ਓਡੀਅਰਾਂ ਨੇ ਮੈਸੂਰ ਦੇ ਇਸ ਬਾਕੀ ਬਚੇ ਹਿੱਸਿਆਂ ਉੱਪਰ 1947 ਤੱਕ ਅੰਗਰੇਜ਼ਾਂ ਅਨੁਸਾਰ ਰਾਜ ਕੀਤਾਂ, ਜਿਸ ਤੋਂ ਬਾਅਦ ਇਸ ਨੂੰ ਭਾਰਤ ਗਣਤੰਤਰ ਵਿੱਚ ਸ਼ਾਮਿਲ ਕਰ ਲਿਆ ਗਿਆ।

ਰਾਕਟਾਂ ਦੀ ਵਰਤੋਂ

[ਸੋਧੋ]

ਟੀਪੂ ਸੁਲਤਾਨ ਦੀ ਫ਼ੌਜ਼ ਵੱਲੋਂ ਪੋਲੀਲੁਰ ਦੀ ਲੜਾਈ ਦੌਰਾਨ ਵਰਤੇ ਗਏ ਰਾਕਟ ਈਸਟ ਇੰਡੀਆ ਕੰਪਨੀ ਵੱਲੋਂ ਪਹਿਲਾਂ ਵਰਤੇ ਗਏ ਰਾਕਟਾਂ ਨਾਲੋਂ ਬਹੁਤ ਉੱਨਤ ਸਨ। ਮੁੱਖ ਤੌਰ 'ਤੇ ਇਹਨਾਂ ਰਾਕਟਾਂਂ ਵਿੱਚ ਲੋਹੇ ਦੀਆਂ ਟਿਊਬਾਂ ਦੀ ਵਰਤੋਂ ਕੀਤੀ ਗਈ ਸੀ ਜਿਹੜੀਆਂ ਨੋਦਕ ਨੂੰ ਫੜ ਕੇ ਰਖਦੀਆਂ ਸਨ। ਜਿਸ ਕਰਕੇ ਰਾਕਟ ਹੋਰ ਦੂਰ ਤੱਕ ਮਾਰ ਕਰਦੇ ਸਨ। ਟੀਪੂ ਸੁਲਤਾਨ ਦੀ ਹਾਰ ਦੇ ਮਗਰੋਂ ਅੰਗਰੇਜ਼ਾਂ ਨੇ ਇਹਨਾਂਂ ਰਾਕਟਾਂ ਨੂੰ ਕਬਜ਼ੇ ਵਿੱਚ ਲੈ ਲਿਆ ਅਤੇੇ ਇਹਨਾਂ ਰਾਕਟਾਂ ਦੀ ਬਣਤਰ ਦੀ ਮਦਦ ਨਾਲ ਆਪਣੀਆਂ ਭਵਿੱਖ ਵਿੱਚ ਹੋਣ ਵਾਲੀਆਂ ਜੰਗਾਂਂ ਵਿੱਚ ਆਪਣੇ ਰਾਕਟਾਂ ਵਿੱੱਚ ਬਹੁਤ ਵਿਕਾਸ ਕੀਤਾ।[1]

ਬਾਹਰੀ ਲਿੰਕ

[ਸੋਧੋ]
  • Brittlebank, Kate. Tipu Sultan's Search for Legitimacy: Islam and Kingship in a Hindu Domain (Delhi: Oxford University Press, 1997)
  • Cooper, Randolf GS. "Culture, Combat, and Colonialism in Eighteenth-and Nineteenth-Century India." International History Review (2005) 27#3 pp: 534-549.
  • Jaim, HM Iftekhar, and Jasmine Jaim. "The Decisive Nature of the Indian War Rocket in the Anglo-Mysore Wars of the Eighteenth Century." Arms & Armour (2011) 8#2 pp: 131-138.
  • Kaliamurthy, G. Second Anglo-Mysore War (1780-84) (Mittal Publications, 1987)
  • Roy, Kaushik. War, culture and society in early modern South Asia, 1740-1849 (Taylor & Francis, 2011)

ਪ੍ਰਸਿੱਧ ਕਲਚਰ

[ਸੋਧੋ]
  • * Regan S. Gidwani, The Sword of Tipu Sultan (2014), a novel linked to TV series

ਇਹ ਵੀ ਦੇਖੋ

[ਸੋਧੋ]
  1. Roddam Narasimha (1985):: Rockets in Mysore and Britain, 1750–1850 A.D. National Aeronautical Laboratory and Indian Institute of Science.